"ਨਰਕ ਤੋਂ ਸਵਰਗ ਵੱਲ ਦੇ ਸਫ਼ਰ ਦੀ ਇੱਕ ਕਹਾਣੀ"
ਮੈਂ ਕਈ ਸਾਲਾਂ ਬਾਅਦ ਜਿਵੇਂ ਹੀ ਪ੍ਰੀਤ ਦੇ ਘਰ ਲਾਗੋਂ ਲੰਘਿਆਂ, ਤਾਂ ਮਨ ਵਿੱਚ ਵਿਚਾਰ ਆਇਆ ਕਿ ਚਲੋ ਅੱਜ ਪ੍ਰੀਤ ਨੂੰ ਮਿਲ ਕੇ ਚੱਲਦੇ ਹਾਂ। ਫਿਰ ਖਿਆਲ ਅਾਇਅਾ ਕਿ ਉਹ ਤਾਂ ਦੋਵੇਂ ਪਿਉ ਪੁੱਤ ਸ਼ਾਮ ਨੂੰ ਸ਼ਰਾਬ ਪੀ ਕੇ ਟੁੰਨ ਹੋਏ ਹੋਵੇਗਾ ਹੋਣਗੇ। ਫਿਰ ਮੈਂ ਸੋਚਿਆ ਅਜੇ ਛੇ ਵਜੇ ਨੇ, ਹੋ ਸਕਦਾ ਅਜੇ ਨਾ ਪੀਤੀ ਹੋਵੇ, ਚਲੋ ਦੇਖਦੇ ਹਾਂ।
ਮੈਂ ਗੇਟ ਖੜਕਾਇਆ ਤਾਂ ਉਨ੍ਹਾਂ ਦੇ ਦਾਦੀ ਮਾਂ ਬਾਹਰ ਆਏ। ਮੈਂ ਫਤਹਿ ਬੁਲਾ ਕੇ, ਪੁੱਛਿਆ, ਮਾਤਾ ਜੀ,, ਪ੍ਰੀਤ ਕਿੱਥੇ ਹੈ ? ਤਾਂ ਮਾਤਾ ਜੀ ਕਹਿਣ ਲੱਗੇ, ਉਹ ਅੰਦਰ ਪਾਠ ਕਰ ਰਿਹਾ ਹੈ।
ਮੇਰੀ ਹੈਰਾਨੀ ਦੀ ਕੋਈ ਹੱਦ ਨਾ ਰਹੀ, ਮੈਂ ਕਿਹਾ ਹੈਂ,,,, ਪਾਠ,,,,,ਉਹ ਵੀ ਪ੍ਰੀਤ !!!!
ਮਾਤਾ ਜੀ ਕਹਿਣ ਲੱਗੇ, ਅੰਦਰ ਜਾ ਕੇ ਦੇਖ ਲਵੋ।
ਜਦੋਂ ਮੈਂ ਦੇਖਿਆ ਤਾਂ ਉਹ ਸਾਰੇ ਪਰਿਵਾਰ ਦੇ ਮੈਂਬਰ ਬੈਠ ਕੇ ਪ੍ਰੋਫੈਸਰ ਸਾਹਿਬ ਸਿੰਘ ਜੀ ਦੇ ਗੁਰਬਾਣੀ ਦਰਪਨ ਤੋਂ ਕੁਝ ਸ਼ਬਦਾਂ ਦੇ ਅਰਥ ਸਮਝਣ ਦੀ ਕੋਸ਼ਿਸ਼ ਕਰ ਰਹੇ ਸਨ।
ਇਹ ਸਾਰਾ ਕੁਝ ਵੇਖ ਕੇ ਮੇਰੀ ਖੁਸ਼ੀ ਦੀ ਹੱਦ ਨਾ ਰਹੀ ਮੈਂ ਵੀ ਜਾ ਕੇ ਵਿੱਚ ਬੈਠ ਗਿਆ। ਸਮਾਪਤੀ ਤੋਂ ਬਾਅਦ ਮੈਂ ਫਤਿਹ ਬੁਲਾਈ। ਸਭ ਤੋਂ ਪਹਿਲਾਂ ਵਧਾਈਅਾਂ ਦਿੱਤੀਆਂ, ਫਿਰ ਪੁੱਛਿਆ ਇਹ ਸਾਰਾ ਕੁਝ ਕਿਵੇਂ ?
ਤਾਂ ਪ੍ਰੀਤ ਕਹਿਣ ਲੱਗਾ, ਮੰਜੇ ਤੇ ਬੈਠਕੇ ਨਾਲੇ ਪ੍ਰਸ਼ਾਦਾ ਪਾਣੀ ਛਕਦੇ ਆਂ ਤੇ ਨਾਲੇ ਗੱਲ ਕਰਦੇ ਹਾਂ।
ਪ੍ਰੀਤ ਕਹਿਣ ਲੱਗਾ ਤੈਨੂੰ ਤਾਂ ਪਤਾ ਹੀ ਹੈ, ਕਿ ਸਕੂਲ ਦੀ ਪੜ੍ਹਾਈ ਤੋਂ ਬਾਅਦ ਮੈਂ ਸ਼ਰਾਬ ਤੇ ਹੋਰ ਛੋਟੇ ਮੋਟੇ ਨਸ਼ੇ ਕਰਨੇ ਸ਼ੁਰੂ ਕੀਤੇ ਸੀ। ਫਿਰ ਹੌਲੀ ਹੌਲੀ ਮੈਂ ਵੱਡੇ ਨਸ਼ਿਆਂ ਵੱਲ ਹੋ ਤੁਰਿਆ। ਮੇਰੇ ਘਰ ਦੇ ਬਹੁਤ ਰੋਏ ਪਿਟੇ, ਮੇਰੀ ਮਾਂ ਨੇ ਕਈ ਪੀਰ ਬਾਬੇ ਮਨਾਏ, ਪਰ ਮੇਰੇ ਤੇ ਕੋਈ ਅਸਰ ਨਾ ਹੋਇਆ। ਇਸ ਅਾਸ ਨਾਲ ਕਿ ਸ਼ਾਇਦ ਵਿਆਹ ਕਰਵਾ ਕੇ ਮੈਂ ਸੁਧਰ ਜਾਵਾਂਗਾ, ਮੇਰਾ ਵਿਆਹ ਕਰ ਦਿੱਤਾ। ਵਿਅਾਹ ਕਰਵਾ ਕੇ ਵੀ ਮੇਰੇ ਕੋਈ ਬਹੁਤਾ ਸੁਧਾਰ ਨਾ ਹੋਇਆ।
ਘਰਦਿਆਂ ਲਈ ਤਾਂ ਪ੍ਰੇਸ਼ਾਨੀ ਹੋਰ ਖੜ੍ਹੀ ਹੋ ਗਈ, ਪਹਿਲਾਂ ਖਰਚਾ ਚੁਕਦੇ ਸੀ, ਹੁਣ ਮੇਰੀ ਘਰ ਵਾਲੀ ਦਾ ਵੀ ਚੁੱਕਣਾ ਪੈ ਗਿਆ। ਘਰਦਿਅਾ ਨੇ ਦੋ ਟੁੱਕ ਜਵਾਬ ਦੇ ਦਿੱਤਾ, ਕਿ ਅਸੀਂ ਤੈਨੂੰ ਕੱਖ ਨੀ ਦੇਣਾ, ਤੂੰ ਆਪਣਾ ਕਮਾ ਤੇ ਖਾ। ਅਸੀਂ ਤੇਰਾ ਇਸ ਲਈ ਵਿਆਹ ਕੀਤਾ ਸੀ ਕਿ ਤੂੰ ਜ਼ਿੰਮੇਵਾਰ ਬਣੇਗਾ, ਤੈਨੂੰ ਥੋੜੀ ਬਹੁਤੀ ਅਕਲ ਆਵੇ, ਕੋਈ ਕੰਮਕਾਜ ਕਰੇਗਾ। ਪਰ ਤੇਰਾ ਤਾਂ ਅਜੇ ਵੀ ਪਹਿਲਾਂ ਵਾਲਾ ਹੀ ਹਾਲ ਹੈ।
ਪੈਲੀ ਤਾਂ ਲੱਗਪਗ ਸਾਰੀ ਮੇਰੇ ਡੈਡੀ ਨੇ ਨਸ਼ਿਆਂ ਵਿੱਚ ਵੇਚ ਦਿੱਤੀ ਸੀ। ਜਿਹੜੀ ਇੱਕ ਦੋ ਕਿੱਲੇ ਬਚੀ, ਉਹ ਘਰਦੇ ਵਾਉਂਦੇ ਬੀਜਦੇ ਸੀ।
ਮੈਨੂੰ ਡਰ ਸੀ ਕਿ ਕਿਤੇ ਪੈਸੇ ਧੇਲੇ ਤੇ ਸੌਦੇ ਪੱਤੇ ਦੀ ਥੋੜ ਕਰਕੇ ਤੇਰੀ ਭਾਬੀ ਛੱਡ ਕੇ ਪੇਕੇ ਨਾ ਚਲੀ ਜਾਵੇ। ਤੈਨੂੰ ਤਾਂ ਪਤਾ ਹੀ ਹੈ ਕਿ ਕਿਹੜਾ ਬੰਦਾ ਜਿਹੜਾ ਆਪਣਾ ਘਰ ਉਜਾੜਨਾ ਚਾਹੁੰਦਾ ਹੈ।
ਮੈਂ ਕੋਈ ਕੰਮਕਾਜ ਤਾਂ ਸਿੱਖਿਆ ਨਹੀਂ ਸੀ, ਇਸ ਲਈ ਮੈਂ ਸ਼ਹਿਰ ਕੋਈ ਕੰਮਕਾਜ ਲੱਭਣਾ ਸ਼ੁਰੂ ਕੀਤਾ, ਇੱਕ ਦੋ ਕੰਮ ਮਿਲੇ, ਪਰ ਮੇਰੇ ਸਰੀਰ ਵਿੱਚ ਸਮਰੱਥਾ ਨਹੀਂ ਸੀ ਕਿ ਉਨ੍ਹਾਂ ਕੰਮਾਂ ਨੂੰ ਕਰ ਸਕਾਂ।
ਇੱਕ ਦੋ ਦਫ਼ਤਰਾਂ ਵਿੱਚ ਸੌਖੇ ਕੰਮ ਵੀ ਮਿਲੇ, ਪਰ ਉੱਥੇ ਵੀ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਮੈਂ ਸਮੈਕ ਪੀਂਦਾ ਹਾਂ ਮੈਨੂੰ ਜਲਦੀ ਹੀ ਹਟਾ ਦਿੱਤਾ ਗਿਆ। ਹਾਰ ਹੰਬ ਕੇ ਮੈਂ ਘਰੇ ਬਹਿ ਗਿਆ।
ਕੁਝ ਦਿਨਾਂ ਲਈ ਘਰਦਿਆਂ ਰਾਸ਼ਨ ਪਾਣੀ ਤੇ ਕੁਝ ਪੈਸੇ ਦਿੱਤੇ ਸੀ, ਜਦੋਂ ਉਹ ਸਾਰਾ ਕੁਝ ਮੁੱਕ ਗਿਆ ਤਾਂ ਤੇਰੀ ਭਾਬੀ ਕਹੇ ਲਿਆ ਸੌਦਾ,, ਮੈਂ ਹੁਣ ਕਿੱਥੋਂ ਲਿਅਾਵਾਂ, ਮੇਰੇ ਕੋਲ ਤਾਂ ਦੁਆਨੀ ਨਹੀ ਸੀ। ਸੱਚ ਦੱਸਾਂ, ਦੋ ਦਿਨ ਅਸੀਂ ਦੋਵੇ ਭੁੱਖੇ ਰਹੇ।
ਤੀਜੇ ਦਿਨ ਮੇਰੇ ਘਰਦਿਆਂ ਨੂੰ ਇਹ ਕਹਿ ਕੇ ਕਿ ਇਸ ਨੇ ਮੇਰੀ ਜਿੰਦਗੀ ਤਾਂ ਬਰਬਾਦ ਕੀਤੀ ਹੀ ਹੈ, ਇਹ ਤਾਂ ਮੇਰੇ ਹੋਣ ਵਾਲੇ ਬੱਚਿਆਂ ਦੀ ਜ਼ਿੰਦਗੀ ਵੀ ਬਰਬਾਦ ਕਰੇਗਾ, ਤੇਰੀ ਭਾਬੀ ਨੇ ਪੇਕਿਆਂ ਦੀ ਬੱਸ ਫੜ ਲਈ।
ਮੈਂ ਹੁਣ ਤੱਕ ਘਰਦਿਆਂ ਨਾਲ ਧੱਕਾ ਮੁੱਕੀ ਤੇ ਗਾਲੀ ਗਲੋਚ ਜਾਂ ਤਰਲੇ ਮਿੰਨਤਾਂ ਕਰਕੇ ਤਿੰਨ ਚਾਰ ਲੱਖ ਰੁਪਿਆ ਨਸਿਆਂ ਵਿੱਚ ਬਰਬਾਦ ਕਰ ਚੁੱਕਿਆ ਸਾਂ। ਨਸ਼ੇ ਦੀ ਤੋਟ ਨਾਲ ਮੇਰੀ ਜਾਨ ਨਿਕਲਦੀ ਜਾਂਦੀ ਸੀ, ਮੇਰੇ ਘਰਦਿਆਂ ਨੇ ਬਿਲਕੁੱਲ ਹੱਥ ਖੜ੍ਹੇ ਕਰ ਦਿੱਤੇ। ਕੀ ਅਸੀਂ ਤੈਨੂੰ ਕੱਖ ਨਹੀ ਦੇ ਸਕਦੇ।
ਮੈਂ ਮੰਮੀ ਦੀਆਂ ਚੋਰੀ ਕਰਕੇ ਦੋਵੇਂ ਵਾਲੀਆਂ ਵੇਚ ਦਿੱਤੀਆਂ, ਮੇਰਾ ਘਰਦਿਆਂ ਨਾਲ ਕਲੇਸ਼ ਹੋਰ ਵੱਧ ਗਿਆ। ਹੁਣ ਮੇਰੇ ਘਰ ਦੇ ਮੈਨੂੰ ਦੇਖਣਾ ਵੀ ਨਹੀਂ ਚਾਹੁੰਦੇ ਸੀ।
ਉਹ ਕਈ ਵਾਰ ਕਹਿ ਚੁੱਕੇ ਸੀ, ਕਿ ਤੂੰ ਜਿੱਥੇ ਮਰਜ਼ੀ ਚਲਾ ਜਾ, ਭਾਵੇ ਤੂੰ ਮਰਜ਼ਾ।
ਸਾਨੂੰ ਤੇਰਾ ਕੋਈ ਦੁੱਖ ਨਹੀਂ ਹੋਵੇਗਾ। ਤੂੰ ਸਾਨੂੰ ਸਾਰਿਆਂ ਨੂੰ ਦੁਖੀ ਕੀਤਾ ਪਿਆ ਏ।
ਅੰਦਰੋਂ ਅੰਦਰੀ ਦੁਖੀ ਤਾਂ ਮੈਂ ਵੀ ਬਹੁਤ ਸਾਂ, ਪਰ ਮੇਰੇ ਵਸ ਦੀ ਗੱਲ ਨਹੀਂ ਸੀ ਰਹੀ। ਜਦੋਂ ਮੈਂ ਨਸ਼ਾ ਨਹੀਂ ਕਰਦਾ ਸਾਂ ਤਾਂ ਮੇਰਾ ਸਾਰਾ ਸਰੀਰ ਹਿੱਲਣਾ ਸ਼ੁਰੂ ਹੋ ਜਾਂਦਾ ਸੀ, ਦਿਮਾਗ ਮੇਰਾ ਕੰਮ ਕਰਨਾ ਬੰਦ ਕਰ ਦਿੰਦਾ ਸੀ, ਤੇ ਮੈਨੂੰ ਲੱਗਦਾ ਸੀ ਕਿ ਜੇ ਮੈਨੂੰ ਨਸ਼ਾ ਨਾ ਮਿਲਿਆ ਤਾਂ ਮੈਂ ਮਰ ਜਾਵਾਂਗਾ।
ਜੀਉਂਦੇ ਰਹਿਣ ਲਈ ਨਸ਼ਾ ਕਰਨਾ ਮੇਰੀ ਬਹੁਤ ਵੱਡੀ ਮਜਬੂਰ ਸੀ। ਹਾਲਾਤ ਇੰਨੇ ਬਦਤਰ ਹੋ ਗਏ ਕਿ ਮੈਂ ਤੇ ਡੈਡੀ ਨੇ ਛਿੱਤਰੋ ਛਿੱਤਰੀ ਹੋਣਾ ਸ਼ੁਰੂ ਕਰ ਦਿੱਤਾ, ਮੈਂ ਕਈ ਵਾਰੀ ਮੰਮੀ ਤੇ ਭੈਣਾਂ ਨੂੰ ਵੀ ਧੱਕੇ ਮੁੱਕੀਆਂ ਮਾਰੇ। ਚਾਰੇ ਪਾਸੇ ਮੇਰੀ ਥੂ ਥੂ ਹੋਣ ਲੱਗ ਪਈ, ਮੰਮੀ ਨੇ ਹਰ ਸਮੇਂ ਰੋਂਦੇ ਰਹਿਣਾ, ਮੇਰੀਆਂ ਭੈਣਾਂ ਨੇ ਵੀ ਨਾਲੇ ਮੇਰੇ ਕੋਲੋਂ ਡਰਨਾ ਤੇ ਨਾਲੇ ਮੈਨੂੰ ਵੇਖ ਕੇ ਤੜਫਦੀਆਂ ਵਿਲਕਦੀਆਂ ਰਹਿਣਾ। ਇਹ ਸਾਰਾ ਕੁਝ ਮੈਨੂੰ ਧੁਰ ਅੰਦਰ ਤੱਕ ਤੜਫਣੀ ਮਿੱਟੀ ਲਾ ਰਿਹਾ। ਮੈਂ ਤਾਂ ਇਥੋਂ ਤੱਕ ਸੋਚ ਲਿਆ ਸੀ ਕਿ ਮੈਂ ਕੁਝ ਖਾ ਕੇ ਮਰ ਜਾਣਾ ਹੈ ਮੇਰੇ ਘਰ ਦੇ ਦੋ ਚਾਰ ਮਹੀਨੇ ਰੋ ਲੈਣਗੇ ਬਾਕੀ ਸਮਾਂ ਤੇ ਸੁੱਖ ਨਾਲ ਲੰਘਾਉੰਣਗੇ।
ਇੱਕ ਦਿਨ ਸਾਡੇ ਦੋਵਾਂ ਪਿਓ ਪੁੱਤਾਂ ਦੇ ਲੜਦਿਆਂ ਤੇ ਗੁਰਦੁਆਰੇ ਸਾਹਿਬ ਵਿੱਚ ਆਇਆ ਹੋਇਆ ਨਵਾਂ ਭਾਈ ਸਾਹਿਬ ਸਾਡੇ ਘਰ ਆ ਗਿਆ।
ਨਵੇਂ ਭਾਈ ਸਾਹਿਬ ਪਾਠ ਦੇ ਨਾਲ ਨਾਲ ਕਥਾ ਵੀ ਕਰਦੇ ਨੇ। ਉਹ ਬਹੁਤ ਹੀ ਚੰਗੇ ਸੁਭਾਅ ਦੇ ਨੇ ਤੇ ਦੋ ਤਿੰਨ ਦਿਨਾਂ ਬਾਅਦ ਕਿਸੇ ਨਾ ਕਿਸੇ ਦੇ ਘਰ ਜਰੂਰ ਜਾਂਦੇ ਨੇ। ਉਨ੍ਹਾਂ ਨੇ ਸਾਨੂੰ ਲੜਨ ਤੋਂ ਹਟਾਇਆ ਤੇ ਫਿਰ ਮੇਰੇ ਡੈਡੀ ਨੂੰ ਸਮਝਾਇਆ ਕਿ ਸੱਜਣ ਸਿਆਂ ਜੇ ਤੂੰ ਆਪਣੇ ਮੁੰਡੇ ਨੂੰ ਨਸ਼ਿਆਂ ਤੋਂ ਬਚਾਉਣਾ ਚਾਹੁੰਦਾ ਹੈ। ਤਾਂ ਸਭ ਤੋਂ ਪਹਿਲਾਂ ਤੈਨੂੰ ਨਸ਼ੇ ਦਾ ਤਿਆਗ ਕਰਨਾ ਪਵੇਗਾ। ਤੇਰੇ ਨਸ਼ਾ ਛੱਡਣ ਦਾ ਉਸ ਤੇ ਜਰੂਰ ਅਸਰ ਹੋਵੇਗਾ। ਹੁਣ ਉਸਨੂੰ ਲੱਗਦਾ ਹੈ ਜੇ ਮਰਾਂ ਪਿਉ ਨਸ਼ਾ ਕਰ ਸਕਦਾ ਹੈ ਤੇ ਮੈਂ ਕਿਉਂ ਨਹੀਂ।
ਫਿਰ ਉਹ ਮੈਨੂੰ ਬਾਹੋਂ ਫੜ ਕੇ ਗੁਰਦੁਆਰੇ ਨੂੰ ਲੈ ਗਿਆ, ਮੇਰੇ ਨਾਲ ਕਰੀਬ ਅੱਧਾ ਘੰਟਾ ਗੱਲਾਂ ਬਾਤਾਂ ਕਰਕੇ ਮੈਨੂੰ ਸਮਝਾਉਂਦਾ ਰਿਹਾ।
ਮੇਰਾ ਤੇ ਡੈਡੀ ਦਾ ਉਸਨੂੰ ਇੱਕੋ ਹੀ ਸਵਾਲ ਸੀ ਕਿ ਅਸੀਂ ਕਾਫੀ ਲੰਮੇ ਸਮੇਂ ਤੋਂ ਨਸ਼ਾ ਕਰ ਰਹੇ ਹਾਂ,
ਹੁਣ ਉਸ ਨਸ਼ੇ ਨੂੰ ਕਿਵੇਂ ਛੱਡ ਸਕਦੇ ਹਾਂ। ਇਹ ਛੱਡਣਾ ਬਹੁਤ ਮੁਸ਼ਕਿਲ ਏ, ਸਾਡੇ ਕੋਲੋਂ ਛੱਡਿਆ ਨਹੀਂ ਜਾ ਰਿਹਾ, ਅਸੀਂ ਬਹੁਤ ਕੋਸ਼ਿਸ਼ ਹੈ।
ਗਿਆਨੀ ਜੀ ਕਹਿਣ ਲੱਗੇ ਜੇ ਬੰਦੇ ਦਾ ਇਰਾਦਾ ਲੋਹੇ ਵਾਂਗ ਮਜ਼ਬੂਤ ਹੋਵੇ ਤਾਂ ਦੁਨੀਆਂ ਤੇ ਕੋਈ ਵੀ ਕੰਮ ਕਰਨਾ ਔਖਾ ਨਹੀਂ ਹੈ, ਨਸ਼ਾ ਛੱਡਣਾ ਤਾਂ ਬੜੀ ਆਮ ਜਿਹੀ ਗੱਲ ਹੈ। ਗਿਆਨੀ ਜੀ ਨੇ ਮਿੰਟੂ ਗੁਰੂਸਰੀਆ ਤੇ ਏਦਾਂ ਦੇ ਹੋਰ ਦੋ ਚਾਰ ਦੀਆਂ ਉਦਾਹਰਨਾਂ ਦਿੱਤੀਆਂ ਅਤੇ ਇਸ ਦੇ ਨਾਲ ਹੀ ਕੁਝ ਉਹਨਾਂ ਵੀਰਾਂ ਦੀਆਂ ਵੀਡੀਓਜ ਦਿਖਾਈਆਂ, ਜਿਹੜੇ ਵੀਰ ਨਸ਼ਿਆਂ ਦਾ ਤਿਆਗ ਕਰਕੇ ਬਹੁਤ ਵਧੀਆ ਜ਼ਿੰਦਗੀ ਜੀਅ ਰਹੇ ਹਨ। ਸਾਨੂੰ ਦੋਵਾਂ ਪਿਓ ਪੁੱਤਾਂ ਨੂੰ ਵਿਸ਼ਵਾਸ ਬੱਝਾ ਕਿ ਨਸ਼ਾ ਛੱਡਣਾ ਅੈਨਾ ਵੀ ਮੁਸ਼ਕਿਲ ਨਹੀ ਹੈ, ਜਿਨਾਂ ਸਾਨੂੰ ਲੱਗਦਾ ਹੈ, ਜੇ ਅਸੀਂ ਕੋਸ਼ਿਸ਼ ਕਰਾਂਗੇ ਤਾਂ ਨਸ਼ਾ ਛੱਡ ਜਾਵਾਂਗੇ।
ਗਿਆਨੀ ਜੀ ਕਹਿਣ ਲੱਗੇ, ਤੁਹਾਡੀ ਆਪਣੀ ਕੋਸ਼ਿਸ਼ ਤੋਂ ਬਿਨਾਂ ਮੈਂ ਤੁਹਾਨੂੰ ਆਪਣੀ ਕਿਸੇ ਵੀ ਕੋਸ਼ਿਸ਼ ਨਾਲ ਨਸ਼ਾ ਨਹੀਂ ਛੁਡਾ ਸਕਦਾ, ਹਾਂ ਜੇ ਤੁਸੀਂ ਨਸ਼ਾ ਸੱਚਮੁੱਚ ਛੱਡਣਾ ਚਾਹੁੰਦੇ ਹੋ ਤਾਂ ਕੱਲ੍ਹ ਸ਼ਾਮ ਨੂੰ ਮੈਨੂੰ ਘਰ ਬੁਲਾ ਲਿਓ, ਮੈਂ ਤੁਹਾਨੂੰ ਨਸ਼ਾ ਛੱਡਣ ਦੀ ਤਰਤੀਬ ਦੱਸ ਦੇਵਾਂਗਾ। ਅਸੀਂ ਉਸ ਦੀ ਹਾਂ ਦੇ ਵਿੱਚ ਹਾਂ ਮਿਲਾਈ।
ਦੂਜੇ ਦਿਨ ਅਸੀਂ ਗਿਆਨੀ ਜੀ ਨੂੰ ਘਰ ਬੁਲਾਇਆ। ਗਿਆਨੀ ਜੀ ਕਹਿਣ ਲੱਗੇ, ਤੁਸੀਂ ਨਸ਼ੇੜੀਆਂ ਦੀ ਸੰਗਤ ਵਿੱਚ ਬਹਿਣ ਕਰਕੇ ਹੀ ਨਸ਼ੇ ਕਰਨੇ ਸ਼ੁਰੂ ਕੀਤੇ ਹਨ, ਜੇ ਤੁਸੀਂ ਸੱਚਮੁੱਚ ਹੀ ਨਸ਼ਾ ਛੱਡਣਾ ਚਾਹੁੰਦੇ ਹੋ ਤਾਂ ਤੁਹਾਨੂੰ ਆਪਣੀ ਸੰਗਤ ਬਦਲਣੀ ਪਵੇਗੀ।
ਸਾਡੇ ਪੁੱਛਣ ਤੇ ਦੱਸਿਆ ਕਿ ਸੀ ਸ਼ਾਮ ਨੂੰ ਤੁਸੀਂ ਹਰ ਰੋਜ਼ ਆਪਣੇ ਆਪ ਨੂੰ ਧੱਕਾ ਲਾ ਲੂ ਕੇ, ਜਿੱਦਾ ਵੀ ਹੋ ਸਕਦਾ ਏ, ਗੁਰਦੁਆਰੇ ਆਉਣਾ ਸ਼ੁਰੂ ਕਰੋ, ਉੱਥੇ ਬੈਠ ਕੇ ਕਥਾ ਸੁਣੋ। ਬਾਕੀ ਸਮੇਂ ਵਿੱਚ ਵੀ ਚੰਗੇ ਤੇ ਸੋਫੀ ਬੰਦਿਆਂ ਦੇ ਨਾਲ ਬਹਿਣਾ ਉਠਣਾ ਸ਼ੁਰੂ ਕਰੋ।
ਗਿਆਨੀ ਜੀ ਕਹਿਣ ਲੱਗੇ, ਤੁਸੀਂ ਹਰ ਰੋਜ਼ ਦੋਵੇਂ ਪਿਓ ਪੁੱਤ ਘੱਟੋ ਘੱਟ ਦੋ ਕੁ ਸੌ ਰੁਪਏ ਦਾ ਤਾਂ ਨਸ਼ਾ ਕਰ ਹੀ ਜਾਂਦੇ ਹੋਵੋਗੇ।
ਤੁਸੀਂ ਆਪਣਾ ਨਸ਼ਾ ਘਟਾ ਕੇ ਉਸਦੇ ਵਿੱਚੋਂ ਰੋਜ ਇੱਕ ਗਲਾਸ ਮਿਕਸ ਜੂਸ ਦਾ ਪੀਓ। ਹੌਲੀ ਹੌਲੀ ਨਸ਼ੇ ਘਟਾਉਂਦੇ ਜਾਵੋ ਤੇ ਰੋਜ਼ ਸ਼ਾਮ ਨੂੰ ਇਕ ਦੋ ਗਲਾਸ ਜੂਸ ਦਾ ਪੀਓ। ਦੁੱਧ ਤੁਹਾਡੇ ਤੁਹਾਡਾ ਘਰ ਦਾ ਆਪਣਾ ਏ, ਦੋਧੀ ਨੂੰ ਨਾ ਦੋ ਮਹੀਨੇ ਪਾਵੋ।
ਇਸ ਨਾਲ ਤੁਹਾਡੀ ਕਮਜ਼ੋਰੀ ਖਤਮ ਹੋਣੀ ਸ਼ੂਰੁ ਹੋਵੇਗੀ। ਅਸੀਂ ਗਿਆਨੀ ਜੀ ਨਾਲ ਇਹ ਸਾਰਾ ਕੁਝ ਕਰਨ ਦਾ ਵਾਅਦਾ ਕੀਤਾ। ਦੂਜੇ ਦਿਨ ਮੰਮੀ ਹਜ਼ਾਰ ਰੁਪਏ ਦਾ ਫਲ ਫਰੂਟ ਲਿਆਣ ਕੇ ਘਰੇ ਰੱਖ ਦਿੱਤਾ ਤੇ ਰੋਜ਼ ਸ਼ਾਮ ਨੂੰ ਇਕ ਗਲਾਸ ਜੂਸ ਦਾ ਬਣਾ ਕੇੇ ਸਾਨੂੰ ਪਿਆਉਣਾ ਸ਼ੁਰੂ ਕੀਤਾ ਤੇ ਗੁਰਦੁਆਰੇ ਵੀ ਧੱਕੇ ਨਾਲ ਸਾਨੂੰ ਤੋਰਨਾ ਸ਼ੁਰੂ ਕਰ ਦਿੱਤਾ।
ਕੁਝ ਦਿਨ ਤਾਂ ਸਾਨੂੰ ਇੰਝ ਲੱਗਾ ਕਿ ਜਿਵੇਂ ਅਸੀਂ ਹਾਰ ਕੇ ਆ ਜਾਣ ਵਾਲੇ ਕਿਸੇ ਜੰਗ ਦੇ ਮੈਦਾਨ ਵਿੱਚ ਯੁੱਧ ਕਰਨ ਲਈ ਜਾ ਰਹੇ ਹਾਂ। ਪਰ ਅਸਾਂ ਨੇ ਆਪਣੇ ਆਪ ਨੂੰ ਬੰਨ੍ਹੀ ਰੱਖਿਆ ਅਤੇ ਰੋਜ਼ ਸ਼ਾਮ ਨੂੰ ਗੁਰਦੁਆਰੇ ਜਾਣਾ ਸ਼ੁਰੂ ਕਰ ਦਿੱਤਾ।
ਗਿਆਨੀ ਜੀ ਹਰ ਰੋਜ਼ ਕਥਾ ਵਿੱਚ ਨਸ਼ੇ ਦਾ ਤਿਆਗ ਕਰਨ ਤੇ ਆਪਣੇ ਜੀਵਨ ਪੱਧਰ ਨੂੰ ਉੱਚਿਆਂ ਚੁੱਕਣ ਦੀ ਗੱਲਬਾਤ ਬਹੁਤ ਸਰਲ ਤਰੀਕੇ ਕਰ ਰਹੇ ਸਨ। ਉਨ੍ਹਾਂ ਦਾ ਕੱਲਾ ਕੱਲਾ ਬੋਲ ਸਾਨੂੰ ਇਸ ਨਸ਼ੇ ਦੀ ਦਲ ਦਲ ਦੇ ਵਿੱਚੋਂ ਬਾਹਰ ਨਿਕਲ ਕੇ, ਆਪਣੇ ਤੇ ਆਪਣੇ ਪਰਿਵਾਰ ਦੇ ਬਾਰੇ ਵਿੱਚ ਕੁਝ ਸੋਚਣ ਲਈ ਮਜਬੂਰ ਕਰ ਰਿਹਾ ਸੀ। ਗਿਆਨੀ ਜੀ ਨੇ ਕੁਝ ਕੁ ਕਿਤਾਬਾਂ ਵੀ ਪੜ੍ਹਨ ਲਈ ਦਿੱਤੀਆਂ, ਜਿਹੜੀਆਂ ਬੰਦੇ ਨੂੰ ਚੰਗਾ ਜੀਵਨ ਜਿਉਣ ਲਈ ਪ੍ਰੇਰਦੀਆਂ ਸਨ।
ਮੈਂ ਵਿਹਲੇ ਸਮੇਂ ਆਪਣੇ ਪਿੰਡ ਦੇ ਕੁਝ ਸਿਆਣੇ ਪੜ੍ਹੇ ਲਿਖੇ ਨਸ਼ੇ ਤੋਂ ਰਹਿਤ ਮੁੰਡਿਆਂ ਦੇ ਨਾਲ ਬੈਠਣਾ ਉੱਠਣਾ ਸ਼ੁਰੂ ਕਰ ਦਿੱਤਾ, ਕੁਝ ਕੁ ਦਿਨ ਉਨ੍ਹਾਂ ਨੇ ਮੇਰੇ ਨਾਲ ਨਫ਼ਰਤ ਕੀਤੀ ਪਰ ਹੌਲੀ ਹੌਲੀ ਮੇਰਾ ਉਨ੍ਹਾਂ ਨਾਲ ਪਿਆਰ ਪੈ ਗਿਆ। ਡੈਡੀ ਜੀ ਵੀ ਬਾਪੂ ਗਿਆਨ ਸਿੰਘ ਦੇ ਕੋਲ ਜਾ ਕੇ ਬੈਠਣ ਲੱਗ ਪਏ। ਸਾਰੇ ਪਿੰਡ ਦੇ ਵਿੱਚ ਇਸ ਗੱਲ ਦੀ ਚਰਚਾ ਹੋ ਰਹੀ ਸੀ ਕਿ ਇਨ੍ਹਾਂ ਨਸ਼ੇੜੀ ਪਿਓ ਪੁੱਤਾਂ ਨੂੰ ਗੁਰਦੁਆਰਾ ਦਾ ਰਾਹ ਕਿਸ ਨੇ ਦਿਖਾ ਦਿੱਤਾ। ਜਿੱਥੇ ਕੁਝ ਲੋਕ ਸਾਡੇ ਤੇ ਵਿਅੰਗ ਕੱਸ ਕਰ ਰਹੇ ਸਨ, ਉੱਥੇ ਕੁਝ ਲੋਕ ਸਾਨੂੰ ਸ਼ਾਬਾਸ਼ ਦੇ ਕੇ ਸਾਡਾ ਹੌਸਲਾ ਵਧਾ ਰਹੇ ਸਨ ਤੇ ਸਾਨੂੰ ਆਪੋ ਆਪਣੇ ਹਿਸਾਬ ਦੇ ਨਾਲ ਨਸ਼ਾ ਤਿਆਗਣ ਦੇ ਲਈ ਪ੍ਰੇਰ ਰਹੇ ਸਨ।
ਅਸੀਂ ਦੋਵਾਂ ਹੀ ਪਿਓ ਪੁੱਤਾਂ ਨੇ ਹੌਲੀ ਹੌਲੀ ਨਸ਼ਾ ਘਟਾਉਣਾ ਸ਼ੁਰੂ ਕਰ ਦਿੱਤਾ। ਬਾਣੀ ਸਮਝ ਕੇ ਪੜ੍ਹਨੀ ਸ਼ੁਰੂ ਕਰ ਦਿੱਤੀ। ਦੋ ਕੁ ਮਹੀਨੇ ਵਿੱਚ ਸਾਨੂੰ ਨਸ਼ੇ ਦੇ ਨਾਲ ਨਫਰਤ ਹੋ ਗਈ ਤੇ ਸਾਨੂੰ ਜਿਹੜੀ ਪਹਿਲਾਂ ਕਮਜ਼ੋਰੀ ਮਹਿਸੂਸ ਹੁੰਦੀ ਸੀ ਉਹ ਵੀ ਹੌਲੀ ਹੌਲੀ ਠੀਕ ਹੋਣੀ ਸ਼ੁਰੂ ਹੋ ਗਈ।
ਸਾਨੂੰ ਮਹਿਸੂਸ ਹੋਇਆ ਕਿ ਚੰਗੇ ਗਿਆਨ ਤੇ ਚੰਗੀ ਸੰਗਤ ਨਾਲ ਜੁੜੇ ਰਹਿਣ ਵਿੱਚ ਹੀ ਭਲਾ ਹੈ। ਅਸੀਂ ਫਿਰ ਦੋਵਾਂ ਛੇ ਕੁ ਮਹੀਨੇ ਬਾਅਦ ਅੰਮ੍ਰਿਤ ਵੀ ਛਕ ਲਿਆ। ਹੁਣ ਅਸੀਂ ਸਵੇਰੇ ਆਪੋ ਆਪਣਾ ਸਹਿਜ ਪਾਠ ਕਰਦੇ ਹਾਂ ਤੇ ਸ਼ਾਮ ਨੂੰ ਜਦੋਂ ਸਾਡੇ ਕੋਲ ਟਾਈਮ ਹੁੰਦਾ ਹੈ, ਉਦੋਂ ਇਕੱਠੇ ਬੈਠ ਕੇ ਦਰਪਣ ਦੀ ਮਦਦ ਨਾਲ ਉਹਨਾਂ ਸ਼ਬਦਾਂ ਦੀ ਵਿਚਾਰ ਕਰਦੇ ਹਾਂ, ਜਿੰਨ੍ਹਾਂ ਸ਼ਬਦਾਂ ਦੀ ਸਹਿਜ ਪਾਠ ਕਰਦੇ ਸਮੇਂ ਸਮਝ ਨਹੀਂ ਆਉਂਦੀ। ਚੰਗੀਆਂ ਕਿਤਾਬਾਂ ਪੜਦੇ ਹਾਂ, ਜਾਣਕਾਰੀ ਭਰਪੂਰ ਫਿਲਮਾਂ ਤੇ ਟੀ ਵੀ ਤੇ ਪਰੋਗਰਾਮ ਦੇਖਦੇ ਹਾਂ।
ਸਾਰਾ ਕੁਝ ਪੜ ਵੇਖ ਕੇ ਜੋ ਵੀ ਸਾਨੂੰ ਸਮਝ ਅਇਆ ਹੈ। ਉਸੇ ਦੇ ਅਧਾਰ ਤੇ ਆਪਣੇ ਕੰਮਕਾਜ ਵਿੱਚੋਂ ਸਮਾਂ ਕੱਢਕੇ ਦੂਜਿਆਂ ਨੂੰ ਵੀ ਨਸ਼ੇ ਤੇ ਹੋਰ ਬੁਰਿਆਈਆਂ ਛੱਡਣ ਲਈ ਪ੍ਰੇਰਦੇ ਹਾਂ।
ਇਹ ਸਾਰਾ ਕੁਝ ਸੁਣ ਵੇਖ ਕੇ ਮੈਨੂੰ ਇੰਜ ਲੱਗ ਰਿਹਾ ਸੀ, ਜਿਵੇਂ ਮੈਂ ਕੋਈ ਸੁਪਨਾ ਦੇਖ ਰਿਹਾ ਹਾਂ ਪਰ ਕਿਉਂਕਿ ਸਾਰਾ ਕੁਝ ਸਾਹਮਣੇ ਹੋਣ ਦੇ ਕਰਕੇ ਮੈਨੂੰ ਯਕੀਨ ਕਰਨਾ ਪੈ ਰਿਹਾ ਸੀ। ਕਿ ਇਹਨਾਂ ਪਿਓ ਪੁੱਤਾਂ ਨੇ ਵਾਕਿਆ ਸੱਚਮੁੱਚ ਹੀ ਨਰਕ ਤੋਂ ਸਵਰਗ ਵੱਲ ਦੇ ਸਫ਼ਰ ਦਾ ਪੈਂਡਾ ਤੈਅ ਕਰ ਲਿਆ ਹੈ।
ਹਰਪਾਲ ਸਿੰਘ ਫ਼ਿਰੋਜ਼ਪੁਰ
Comments
Post a Comment