ਸਿੱਖ ਧਰਮ ਦੀ ਹੋਂਦ ਬਚਾਉਣ ਲਈ ਜਾਤੀ ਵਿਤਕਰੇ ਘਟਾਉਣੇ ਜਰੂਰੀ...

ਗੁਰੂ ਅਰਜਨ ਸਾਹਿਬ ਜੀ ਦੇ ਜੀਵਨ ਕਾਲ ਵਿੱਚ ਸਖੀ ਸਰਵਰੀਆਂ ਦਾ ਜਿਕਰ ਕਰਦੇ ਸਮੇਂ ਪ੍ਰੋ ਸਾਹਿਬ ਸਿੰਘ ਜੀ ਨੇ ਜਿਕਰ ਕੀਤਾ ਹੈ।
ਕਿ ਹਿੰਦੂ ਧਰਮ ਵਿੱਚ ਜਾਤਪਾਤ ਦਾ ਬੋਲਬਾਲਾ ਹੋਣ ਕਰਕੇ ਬਹੁਤ ਸਾਰੇ ਦਲਿਤ ਲੋਕ ਮੁਸਲਮਾਨ ਧਰਮ ਵੱਲ ਜਾ ਰਹੇ ਸੀ। ਸਿੱਖ ਧਰਮ ਵਿੱਚ ਜਾਤਪਾਤ ਦਾ ਵਿਤਕਰਾ ਨਾ ਹੋਣ ਕਰਕੇ ਤੇ ਗੁਰੂ ਸਾਹਿਬਾਨਾਂ ਦੇ ਪ੍ਰਚਾਰ ਸਦਕਾ ਉਹ ਸਿੱਖ ਧਰਮ ਨਾਲ ਜੁੜਨ ਲੱਗ ਪਏ।

ਕਿਉਂਕਿ ਹਰ ਬੰਦਾ ਸਮਾਜ ਵਿੱਚ ਮਾਨ ਸਤਿਕਾਰ ਨਾਲ ਰਹਿਣਾ ਚਾਹੁੰਦਾ ਹੈ। ਮੇਰੇ ਹਿਸਾਬ ਨਾਲ ਜਾਤੀ ਵਿਤਕਰਿਆਂ ਨੂੰ ਬਰਦਾਸ਼ਤ ਕਰਨਾ ਬੜਾ ਮੁਸ਼ਕਿਲ ਹੈ, ਕਿਉਂਕਿ ਜਦੋਂ ਅਸੀਂ ਕਿਸੇ ਤੇ  ਜਾਤੀ ਟਿਪਣੀ ਕਰਦੇ ਹਾਂ ਤਾਂ ਕਿਸੇ ਇੱਕ ਨੂੰ ਨਹੀ, ਉਸਦੇ ਸਾਰੇ ਖਾਨਦਾਨ ਨੂੰ ਨੌਲਦੇ ਹਾਂ(ਮਾੜਾ ਕਹਿੰਦੇ ਹਾ) ਕੋਈ ਆਪਣੇ ਬਾਰੇ ਤਾਂ ਮਾੜੇ ਬੋਲ ਸੁਣ ਸਕਦਾ ਹੈ, ਪਰ ਆਪਣੇ ਭੈਣਾਂ ਭਰਾਵਾਂ, ਜੰਮਣ ਵਾਲੇ ਮਾਂ ਬਾਪ ਤੇ ਬਾਕੀ ਰਿਸਤੇਦਾਰਾਂ ਬਾਰੇ ਨਹੀ ਸੁਣ ਸਕਦਾ। ਇਹੋ ਕਾਰਨ ਹੈ  ਕਿ ਜਦੋਂ ਮੌਕਾ ਮਿਲਿਆ, ਉਨ੍ਹਾਂ ਹਿੰਦੂ ਧਰਮ ਛੱਡ ਦਿੱਤਾ।

ਪਿੱਛਲੇ 150 ਕੋ ਸਾਲ ਤੋਂ ਸਿੱਖ ਧਰਮ ਵਿੱਚ ਵੀ ਜਾਤਪਾਤ ਦਾ ਬੋਲਬਾਲਾ ਚੱਲ ਰਿਹਾ ਹੈ। ਭਾਈ ਦਿੱਤ ਸਿੰਘ ਨਾਲ ਕੀਤੇ ਗਏ ਵਿਤਕਰੇ ਤੇ ਦਰਬਾਰ ਸਾਹਿਬ ਅੰਮ੍ਰਿਤਸਰ ਵਿੱਚ ਜਾਤਪਾਤ ਅਧਾਰਿਤ ਕੜਾਹ ਦੀ ਪ੍ਰਸ਼ਾਦਿ ਦੀ ਅਰਦਾਸ ਦੇ ਸਮੇਂ ਦੀ ਵੰਡ ਕੁਝ 1900 ਦੇ ਲਾਗੇ ਬੰਨੇ ਦੀਆਂ ਉਦਾਹਰਣਾਂ ਹਨ।
ਬਜੁਰਗ ਦੱਸਦੇ ਨੇ ਕਿ ਥੋਡ਼ਾ ਕੁ ਸਮਾਂ ਪਹਿਲਾ ਸਿੱਖ ਪਰਿਵਾਰਾਂ ਵਲੋਂ ਵੀ ਦਲਿਤਾਂ ਦੇ ਭਾਂਡੇ ਵੱਖਰੇ ਰੱਖੇ ਜਾਂਦੇ ਸੀ ਤੇ ਹਰ ਤਰ੍ਹਾਂ ਦਾ ਵਿਤਕਰਾ ਕੀਤਾ ਜਾਂਦਾ ਸੀ।
ਮੌਜੂਦਾ ਸਮੇਂ ਵਿੱਚ ਕੁਝ ਫਰਕ ਪਿਆ ਹੈ ਪਰ ਅਜੇ ਵੀ ਜਾਤੀ ਵਿਤਕਰਿਆਂ ਦਾ ਬੀਜ ਨਾਸ਼ ਨਹੀ ਹੋਇਆ । ਕਈ ਥਾਵਾਂ ਤੇ ਅੱਜ ਵੀ ਵਿਤਕਰੇ ਹੋ ਰਹੇ ਨੇ। ਜਿਸਦੀ ਤਾਜ਼ਾ ਮਿਸਾਲ ਪਿੰਡ ਜੀਉਣਵਾਲਾ ਫਰੀਦਕੋਟ ਵਿੱਚ ਵੀਰ ਗੁਰਦਿੱਤ ਸਿੰਘ ਨਾਲ ਵਾਪਰੀ ਘਟਨਾ ਹੈ।

ਜਿਹਡ਼ੇ ਦਲਿਤ ਲੋਕ ਸਿੱਖ ਪਰਿਵਾਰਾਂ ਵਿੱਚ ਪੈਦਾ ਹੋਣ ਦੇ ਬਾਵਜੂਦ ਸਿੱਖ ਧਰਮ ਨੂੰ ਛੱਡ ਚੁੱਕੇ ਨੇ ਜਾਂ ਹੌਲੀ ਹੌਲੀ ਛੱਡਦੇ ਜਾਂ ਰਹੇ ਨੇ ਜਾਂ ਸਿੱਖ ਧਰਮ ਵਿੱਚ ਹੁੰਦਿਆਂ ਵੀ ਧਰਮ ਤੋਂ ਅਵੇਸਲੇ ਹੋਏ ਬੈਠੇ ਨੇ, ਉਹਨਾਂ ਵਿਚੋਂ ਬਹੁਤ ਸਾਰੇ ਕਰੀਬ 150 ਸਾਲ ਤੋਂ ਲੈ ਕੇ ਹੁਣ ਤੱਕ ਹੋ ਰਹੇ ਜਾਤੀ ਵਿਤਕਰਿਆਂ ਦੇ ਝੰਬੇ ਹੋਏ ਨੇ, ਜਿਸ ਕਰਕੇ  ਉਹਨਾਂ ਦਾ ਸਿੱਖੀ ਤੋਂ ਮੋਹ ਭੰਗ ਹੋ ਚੁੱਕਾ ਹੈ।

ਇਸਦੇ ਨਾਲ ਕੁਝ ਕੁ ਲੋਕਾਂ ਵਲੋਂ ਕਿਸੇ ਸਾਜ਼ਿਸ਼ ਦੇ ਤਹਿਤ ਜਾਂ ਸਚਮੁਚ ਵਿਤਕਰਿਆਂ ਦਾ ਦਰਦ ਹੰਡਾਇਆ ਹੋਣ ਕਰਕੇ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਸਿੱਖ ਧਰਮ ਵਿੱਚ ਜਰਨਲ ਲੋਕਾਂ ਨੇ ਕਦੇ  ਵੀ ਸਾਨੂੰ ਬਣਦਾ ਮਾਨ ਸਤਿਕਾਰ ਨਹੀ ਦੇਣਾ ਤੇ ਨਾ ਹੀ ਕਦੇ ਦਿੱਤਾ ਹੈ।
ਜਿਸ ਕਰਕੇ ਦਲਿਤਾਂ ਵਿਚੋਂ ਬਹੁਤ ਸਾਰੇ ਲੋਕ ਡੇਰਿਆਂ ਨਾਲ ਜੁਡ਼ ਗਏ ਤੇ ਕੁਝ ਜੁਡ਼ ਰਹੇ ਹਨ, ਕੁਝ ਨੇ ਆਪਣਾ ਨਵਾਂ ਧਰਮ ਸਥਾਪਿਤ ਕਰ ਲਿਆ ਤੇ ਕੁਝ ਇਸਾਈ ਬਣ ਗਏ ਨੇ ਤੇ ਕੁਝ ਬਣ ਰਹੇ ਹਨ।
(ਮੈ ਇਹ ਨਹੀ ਕਹਿੰਦਾ ਕਿ ਡੇਰਿਆਂ ਨਾਲ ਜੁੜਨ ਵਾਲੇ ਤੇ ਇਸਾਈ ਬਣਨ ਵਾਲੇ ਸਾਰੇ ਲੋਕ ਜਾਤਪਾਤ ਦੇ ਵਿਤਕਰੇ ਕਰਕੇ ਸਿੱਖੀ ਨਾਲੋਂ ਟੁੱਟੇ ਨੇ, ਕਿਉਂਕਿ ਇਹਨਾਂ ਵਿੱਚ ਜਰਨਲ ਕੈਟਾਗਿਰੀ ਦੇ ਵੀ ਨੇ। ਪਰ ਫਿਰ ਵੀ ਬਹੁਤ ਹੈਗੇ ਨੇ।)
ਨਾਲੇ ਅੱਜ ਬਹੁਤ ਸਾਰੇ ਦਲਿਤ ਪਰਿਵਾਰਾਂ ਨਾਲ ਸਬੰਧਤ ਲੋਕ ਚੰਗਾ ਪੜ ਲਿਖ ਕੇ ਚੰਗੇ ਸਰਕਾਰੀ ਤੇ ਗੈਰ ਸਰਕਾਰੀ ਅਹੁਦਿਆਂ ਤੇ ਚੰਗੀਆਂ ਤਨਖਾਹਾਂ ਲੈ ਕੇ ਕੰਮ ਕਰ ਰਹੇ ਨੇ। ਕਈਆਂ ਕੋਲ ਆਪਣੀਆਂ ਜਮੀਨਾਂ ਨੇ, ਕਈ ਨੇ ਛੋਟੇ ਪੱਧਰ ਤੇ ਤੇ ਕਈਆਂ ਵੱਡੇ ਪੱਧਰ ਤੇ ਆਪਣੇ ਕੰਮ ਕਾਜ ਚਲਾ ਲਏ ਨੇ। ਬਹੁਤ ਸਾਰੇ ਵਿਦੇਸ਼ਾਂ ਵਿੱਚ ਜਾ ਕੇ ਡਾਲਰ ਪੌਡ ਤੇ ਯੂਰੋ ਆਦਿ ਕਮਾ ਰਹੇ ਨੇ। ਹੁਣ ਉਹ ਸਿੱਖ ਧਾਰਮਿਕ ਥਾਵਾਂ ਤੇ ਕਾਬਜ਼ ਉੁੱਚੀਆਂ ਜਾਤਾਂ ਵਾਲਿਆ ਦਾ ਰੋਹਬ ਹੋਰ ਨਹੀ ਸਹਿਣਗੇ। ਜਾਤੀ ਟਿਪਣੀਆਂ ਨਹੀ ਸੁਣਨਗੇ।

ਸੋਹਣ ਸਿੰਘ ਸੀਤਲ ਦੀ ਕਿਤਾਬ "ਮੇਰੇ ਇਤਿਹਾਸਕ ਲੈਕਚਰ" ਦੇ ਲੇਖ "ਸਭ ਤੇ ਵੱਡਾ ਸਤਿਗੁਰ ਨਾਨਕ "  ਵਿੱਚੋਂ ਇੱਕ ਗੱਲ ਪੱਲੇ ਪੈਂਦੀ ਹੈ ਕਿ ਭਗਤ ਸਾਹਿਬਾਨਾਂ ਨੇ ਵੀ ਜਾਤਪਾਤ ਦਾ ਵੱਡੀ ਪੱਧਰ ਤੇ ਵਿਰੋਧ ਕੀਤਾ, ਪਰ ਉੱਚ ਜਾਤੀਆਂ ਤੇ ਉਹਨਾਂ ਦੇ ਪ੍ਰਚਾਰ ਦਾ ਜਿਆਦਾ ਅਸਰ ਨਹੀ ਹੋਇਆ। ਪਰ ਜਦੋਂ ਉਚ ਜਾਤੀ ਖੱਤਰੀ ਪਰਿਵਾਰ ਵਿੱਚ ਵਿਚੋਂ ਗੁਰੂ ਨਾਨਕ ਸਾਹਿਬ ਜੀ ਨੇ ਜਾਤ ਪਾਤ ਦੀ ਵਿਰੋਧਤਾ ਕੀਤੀ ਤਾਂ ਸੰਗਤ ਤੇ ਪੰਗਤ ਦੀ ਉਹ ਪਰੰਪਰਾਵਾਂ ਸ਼ੁਰੂ ਹੋਈਆ ਜਿੱਥੇ ਵੱਖ ਵੱਖ ਜਾਤਾਂ ਦੇ ਲੋਕ ਇਕੱਠੇ ਬੈਠ ਕੇ ਅਾਤਮਿਕ ਤੇ ਸਰੀਰਿਕ ਭੋਜਨ ਛੱਕਦੇ ਨੇ।

ਮੌਜੂਦਾ ਸਮੇਂ ਵਿਚ ਗੁਰਬਾਣੀ ਦੇ ਸਹੀ ਪ੍ਰਚਾਰ ਦੇ ਵਾਧੇ ਕਰਕੇ ਅੱਜ ਬਹੁਤ ਸਾਰੇ ਜਰਨਲ ਪਰਿਵਾਰਾਂ ਨਾਲ ਸਬੰਧਤ ਪ੍ਰਚਾਰਕ ਵੀਰ ਤੇ ਗੁਰਬਾਣੀ ਦਾ ਗਿਆਨ ਰੱਖਣ ਵਾਲੇ ਆਮ ਲੋਕ ਜਾਤਪਾਤ ਦੇ ਨਾਂ ਤੇ ਹੋ ਰਹੇ ਵਿਤਕਰਿਆਂ ਦੀ ਵੱਡੀ ਪੱਧਰ ਤੇ ਵਿਰੋਧਤਾ ਕਰ ਰਹੇ ਨੇ ਤੇ ਦਲਿਤ ਭਾਈਚਾਰੇ ਦੇ ਲੋਕਾਂ ਨਾਲ (ਜਿਹਡ਼ੇ ਬੀੜੀਆਂ ਸਿਗਰਟਾਂ ਸ਼ਰਾਬ ਆਦਿ ਨਸ਼ਿਆਂ ਤੇ ਹੋਰ ਭੈਡ਼ੀਆਂ ਵਾਦੀਆਂ ਤੋਂ ਬਚੇ ਨੇ, ਕਿਉਂਕਿ ਨਸ਼ੇ ਤੇ ਹੋਰ ਗਲਤ ਰਾਹ ਤੇ ਤੁਰਨ ਵਾਲੇ ਨੂੰ ਤਾਂ ਕੋਈ ਵੀ ਮੂੰਹ ਲਾਉਣਾ ਪਸੰਦ ਨਹੀ ਕਰਦਾ, ਚਾਹੇ ਗਲਤ ਬੰਦਾ ਉਚ ਜਾਤੀ ਦਾ ਹੀ ਕਿਉਂ ਨਾ ਹੋਵੇ) ਬਹੁਤ ਚੰਗਾ ਮਿਲਵਰਤਣ ਕਰ ਰਹੇ ਨੇ। ਪ੍ਰਚਾਰਕ ਵੀਰ ਦਲਿਤ ਭਰਾਵਾਂ ਵਿੱਚ ਧਰਮ ਦਾ ਗਿਆਨ ਵੀ ਵੰਡ ਰਹੇ ਨੇ।

ਇਹ ਇੱਕ ਚੰਗੀ ਸ਼ੁਰੂਆਤ ਹੈ। ਅਜੇ ਹੋਰ ਅੱਗੇ ਵਧਣ ਦੀ ਲੋਡ਼ ਹੈ।
ਮੈਂ ਸੋਹਣ ਸਿੰਘ ਜੀ ਸੀਤਲ ਦੀ ਕਿਤਾਬ ਦੇ ਹਵਾਲੇ ਨਾਲ ਇਹ ਕਹਿਣਾ ਚਾਹੁੰਦਾ ਹਾਂ ਕਿ ਪੰਥ ਦਾ ਦਰਦ ਰੱਖਣ ਵਾਲੇ ਤੇ ਪੰਥ ਦੇ ਇਸਤਰ੍ਹਾਂ ਖੇਰੂੰ ਖੇਰੂੰ ਹੋਣ ਤੋਂ ਦੁਖੀ ਹੋ ਰਹੇ ਸਾਰੇ ਜਰਨਲ ਵੀਰਾਂ ਭੈਣਾਂ ਨੂੰ ਸਿੱਖ ਧਰਮ ਵਿਚੋਂ ਜਾਤੀ ਵਿਤਕਰਿਆਂ ਨੂੰ ਖਤਮ ਕਰਨ ਲਈ ਆਪੋ ਆਪਣੇ ਤਰੀਕੇ ਨਾਲ ਮੈਦਾਨ ਵਿੱਚ ਆਉਣਾ ਪਵੇਗਾ, ਜੇ ਅਸੀਂ ਸਚਮੁਚ ਹੀ ਕੌਮ ਦਾ ਦਰਦ ਰੱਖਦੇ ਹਾਂ। ਮੌਜੂਦਾ ਸਮੇਂ ਪੰਜਾਬ ਵਿੱਚ ਇਸਾਈ ਧਰਮ ਦੇ ਵੱਧ ਰਹੇ ਪ੍ਰਭਾਵ ਨੂੰ ਰੋਕਣ ਲਈ ਸਾਨੂੰ ਮਿਹਨਤ ਕਰਨੀ ਹੀ ਪਵੇਗੀ, ਸਿਰਫ ਮਾਨ ਸਤਿਕਾਰ ਹੀ ਬਹਾਲ ਨਹੀ ਕਰਵਾਉਣਾ, ਦਲਿਤ ਭਰਾਵਾਂ ਨੂੰ ਦੁਨਿਆਵੀ ਵਿਦਿਆ ਤੇ ਵਿਗਿਆਨ ਤੇ ਧਰਮ ਦਾ ਗਿਆਨ ਵੀ ਦੇਣਾ ਪਵੇਗਾ।
ਅਸੀਂ ਸਾਰੇ ਜਾਣਦੇ ਕਿ ਸਾਡੇ ਬਹੁਤ ਸਾਰੇ ਭੈਣ ਭਰਾ ਰਾਧਾ ਸੁਆਮੀ, ਨੂਰਮਹਿਲੀਏ, ਸਰਸੇ ਵਾਲੇ ਤੇ ਭਨਿਆਰੇ ਵਾਲੇ ਵਰਗੇ ਹੋਰ  ਸਿੱਖਾਂ ਨਾਲ ਦੁਸ਼ਮਣੀ ਦੀ ਹੱਦ ਤੱਕ ਜਾਣ ਵਾਲਿਆਂ ਦੇ ਘੇਰੇ ਵਿੱਚ ਆ ਜਾਣ ਕਰਕੇ ਸਾਡੀ ਗਿਣਤੀ ਆਟੇ ਵਿੱਚ ਲੂਣ ਜਿੰਨੀ ਰਹਿ ਗਈ ਹੈ। ਜੇ ਇਸਾਈ ਧਰਮ ਵੀ ਆਪਣਾ ਜਾਲ ਏਸੇ ਤਰ੍ਹਾਂ ਵਿਛਾਉਂਦਾ ਗਿਆ ਤਾਂ ਫੇਰ ਤਾਂ ਸਾਡਾ ਰੱਬ ਹੀ ਰਾਖਾ।

ਜਿਹਡ਼ੇ ਸੋਚਦੇ ਨੇ ਕਿ ਦਲਿਤ ਹੀ ਜਾਂਦੇ ਨੇ  ਜਾਂਦੇ ਤੇ ਜਾਣ ਦਿਉ, ਉਨ੍ਹਾਂ ਨੂੰ ਮੈਂ ਦੱਸਣਾ ਚਾਹੁੰਦਾ ਹਾਂ ਕਿ ਅਜਨਾਲਾ ਤੇ ਜਲੰਧਰ ਦੇ ਬਹੁਤ ਸਾਰੇ ਏਰੀਏ ਦੇ  ਜਰਨਲ ਪਰਿਵਾਰ ਦਲਿਤਾਂ ਦੇ ਸੰਪਰਕ ਵਿੱਚ ਹੋਣ ਕਰਕੇ ਇਸਾਈ ਬਣ ਗਏ ਨੇ ਤੇ ਹੁਣ ਉਹ ਜਰਨਲ ਲੋਕ ਆਪਣੇ ਭੈਣਾਂ ਭਰਾਵਾਂ ਤੇ ਰਿਸ਼ਤੇਦਾਰਾਂ ਨੂੰ ਇਸਾਈ ਬਨਣ ਲਈ ਪ੍ਰੇਰ ਰਹੇ ਹਨ।

ਜਾਤਪਾਤ ਦੇ ਨਸ਼ੇ ਵਿੱਚ ਗੜੁਚ ਰਹਿਣ ਵਾਲੇ ਲੋਕਾਂ ਨੂੰ ਬੇਨਤੀ ਆ ਕਿ ਜੇ ਤੁਸੀਂ ਆਪਣੇ ਜਾਤਪਾਤ ਦੇ ਕੋਹਡ਼ ਦਾ ਇਲਾਜ ਨਾ ਕੀਤਾ ਤਾਂ ਪੰਜਾਬ ਇਸਾਈਸਤਾਨ ਬਣ ਜਾਣਾ ਏ, ਜਿਹਡ਼ੇ ਤੁਸੀਂ ਆਕੜੇ ਫਿਰਦੇ ਹੋ ਨਾ  ਤੁਹਾਡੇ ਨੱਕ ਵਿੱਚ ਦਮ ਕਰ ਦੇਣਾ, ਸੰਭਲ ਜਾਉ ਅਜੇ ਵੀ ਵੇਲਾ ਹੈ, ਨਹੀ ਤੁਹਾਡੇ ਹੱਥਾਂ ਦੀਆਂ ਦਿੱਤੀਆਂ ਗੰਢਾਂ ਤੁਹਾਡੇ ਬੱਚਿਆਂ ਨੂੰ ਦੰਦਾਂ ਨਾਲ ਖੋਹਲੀਆਂ ਪੈਣੀਆਂ।
ਸਾਨੂੰ ਗੁਰੂ ਅਮਰਦਾਸ ਜੀ ਦੇ ਇਹ ਬੋਲ ਭੁਲਣੇ ਨਹੀ ਚਾਹੀਦੇ,,
"ਜਾਤਿ ਕਾ ਗਰਬੁ ਨਾ ਕਰਿ ਮੂਰਖ ਗਵਾਰਾ॥
ਇਸੁ ਗਰਬ ਤੇ ਚਲਹਿ ਬਹੁਤੁ ਵਿਕਾਰਾ ॥" ਮ:੩-1127

ਸਾਨੂੰ ਪੰਜਾਬ ਵਿੱਚ ਰਹਿਣ ਵਾਲਿਆਂ ਨੂੰ ਇਹ ਨਹੀ ਪਤਾ ਹੋਣਾ ਕਿ ਪੰਜਾਬ ਵਿੱਚ ਸਿੱਖ ਕਿੰਨੇ ਪ੍ਰਤੀਸ਼ਤ ਨੇ, ਇਸਾਈ ਪੰਜਾਬ ਵਿੱਚ ਰਹਿਣ ਵਾਲੇ ਹਿੰਦੂ,ਮੁਸਲਿਮ, ਸਿੱਖ, ਜੈਨੀ, ਬੋਧੀ ਆਦਿ ਧਰਮਾਂ ਦੇ ਅੰਕੜੇ ਇਕੱਠੇ ਕਰੀ ਫਿਰਦੇ ਨੇ। ਗਰੁੱਪ ਬਣਾ ਕਿ ਪ੍ਰਚਾਰ ਕਰ ਰਹੇ ਨੇ।
ਅਸੀਂ ਤੇ ਚੌਕੀਦਾਰ ਹਾਂ, ਸਾਡਾ ਕੰਮ ਹੈ  ਹੋਕਾ ਦੇਣਾ।
ਅੱਗੋਂ ਤੁਹਾਡੀ ਮਰਜ਼ੀ ।

ਹਰਪਾਲ ਸਿੰਘ ਫਿਰੋਜ਼ਪੁਰੀਆ

Comments

Popular posts from this blog

ਇਨ ਗਰੀਬ ਸਿੱਖਨ ਕੋ ਦਯੈ ਪਾਤਸ਼ਾਹੀ ।√ ਯੇ ਯਾਦ ਰਖੈ ਹਮਰੀ ਗੁਰਿਆਈ । ?

ਪ੍ਰਭਾਤ ਫੇਰੀਆਂ ਸਬੰਧੀ ਜਰੂਰੀ ਬੇਨਤੀਆਂ

ਗੁਰਮਤਿ-- ਮੱਸਿਆ, ਪੁੰਨਿਆਂ, ਸੰਗਰਾਦਾਂ ਤੇ ਚੌਦੇੰ