☺ ਪਿੰਡਾਂ ਦੇ ਗੁਰਦੁਆਰਿਆਂ ਵਿੱਚ ਲਾਉਸਮੈਂਟਾਂ ਦਾ ਪੰਗਾ ☺

ਮੈਂ ਦੁਆਬੇ ਦੇ ਪਿੰਡ ਵਿੱਚ ਡਿਊਟੀ ਕਰ ਰਿਹਾ ਹਾਂ। ਜਿੱਥੇ ਗਰਮੀ ਚੜਦਿਆਂ ਹੀ ਲਾਉਸਮੈਂਟਾ ਦੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਕਦੇ ਕੋਈ ਆ ਜਾਂਦਾ, ਕਦੇ ਕੋਈ ਆ ਜਾਂਦਾ , ਬਾਬਾ ਜੀ ਲਾਉਸਮੈਂਟ ਕਰਨੀ । ਮੈਂ ਪੁੱਛਦਾ ਹਾਂ , ਕੀ ਲਾਉਸਮੈਂਟ ਕਰਨੀ। ਸਾਡੇ ਵੱਡੇ ਰੋਜੇ ਦਾ ਮੇਲਾ , ਛੋਟੇ ਰੋਜੇ ਦਾ ਮੇਲਾ, ਮੋਹਕਮ ਸਾਹ ਦਾ ਮੇਲਾ , ਅੈਸ ਸ਼ਾਹ ਦਾ ਮੇਲਾ , ਔਸ ਸ਼ਾਹ ਦਾ ਮੇਲਾ, ਜਠੇਰਿਆਂ ਦੇ ਲੰਗਰ ਹੈ, ਵਡੇਰਿਆਂ ਦੇ ਲੰਗਰ ਹੈ। ਮੈਂ 7 ਅਪ੍ਰੈਲ 2015 ਵਿੱਚ ਡਿਊਟੀ ਸ਼ੁਰੂ ਕੀਤੀ ਸੀ। ਪਹਿਲੀ ਵਾਰ ਕੁੱਝ ਵਾਲਮੀਕ ਵੀਰ 5 ਹਾੜ ਨੂੰ ਹੋਣ ਵਾਲੇ ਆਪਣੇ ਜਠੇਰਿਆਂ ਦੇ ਮੇਲੇ ਦੀ ਲਾਉਸਮੈਂਟ ਕਰਵਾਉਣ (ਇਹਨਾਂ ਵਿਚੋਂ ਕਈਆਂ ਨਾਲ ਮੇਰੀ ਥੋੜੀ ਬਹੁਤੀ ਸਾਂਝ ਪੈ ਚੁੱਕੀ ਸੀ) ਮੇਰੇ ਕੋਲ ਆਏ। ਮੈਂ ਬੜੇ ਪਿਆਰ ਨਾਲ ਉਨ੍ਹਾਂ ਨੂੰ ਸਮਝਾਇਆ ਕਿ ਧੰਨ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਮੜੀਆਂ ,ਮਸਾਣਾ, ਕਬਰਾਂ ਤੇ ਜਠੇਰਿਆਂ ਤੇ ਵੱਡੇ ਵਡੇਰਿਆਂ ਦੀਆਂ ਮਟੀਆਂ ਦੀ ਪੂਜਾ ਕਰਨ ਤੋਂ ਵਰਜਦੇ ਹਨ । ਮੈਂ ਉਸ ਗੁਰੂ ਦੀ ਹਜ਼ੂਰੀ ਵਿੱਚ ਖਲੋਂ ਕੇ ਇਹ ਨਹੀ ਕਹਿ ਸਕਦਾ ਕਿ ਸੰਗਤ ਜੀ ਜਠੇਰਿਆਂ ਦੇ ਹਾਜ਼ਰੀ ਭਰੋ। ਉਹ ਚੁੱਪ ਕਰਕੇ ਚਲੇ ਗਏ । ਰਾਹ ਪੈਂਡੇ ਵਿੱਚ ਮਿਲੇ ਉਨ੍ਹਾਂ ਦੇ ਇੱਕ ਦੋ ਹੋਰ ਮੇਨ ਵੀਰਾਂ ਨੂੰ ਮਿਲ ਕੇ ਵੀ ਮੈਂ ਆਪਣੀ ਮਜਬੂਰੀ ਦੱਸ ਕੇ ਲਾਉਸਮੈਂਟ ਨਾ ਕਰਨ ਦੀ ਮੁਆਫੀ ਮੰਗੀ। ਉਦੋਂ ਉਨ੍ਹਾਂ ਨੇ ਵੀ ਸਹਿਮਤੀ ਪ੍ਰਗਟਾਈ। ਜਠੇਰਿਆਂ ਦੇ ਮੇਲੇ ਤੋਂ ਦੋ ਦਿਨ ਬਾਅਦ ਸ਼ਾਮ ਦੇ ਦੀਵਾਨ ਦੀ ਸਮਾਪਤੀ ਤੋਂ ਬਾਅਦ ਮੇਰੀ ਹਨੇਰੀ ਆ ਗਈ ਹੈ । ਸਾਰੇ ਕਮੇਟੀ ਵਾਲੇ ਕਹਿਣ ਲੱਗੇ ,ਓਹੁ ਸਾਡੇ ਕੋਲ ਇਕੱਠੇ ਹੋ ਕੇ ਆਏ ਸੀ, ਅਖੇ ਬਾਬਾ ਜੀ ਨੇ ਸਾਡੀ ਲਾਉਸਮੈਂਟ ਨਹੀ ਕੀਤੀ।ਮੈਂ ਉਹਨਾਂ ਅੱਗੇ ਵੀ ਆਪਣਾ ਪੱਖ ਰੱਖਿਆ। ਉਹਨਾਂ ਦਾ ਕਹਿਣਾ ਸੀ, ਅਸੀਂ ਇੱਕੇ ਪਿੰਡ ਵਿੱਚ ਬੈਠੇ ਹਾਂ, ਇਦਾਂ ਸਾਡੇ ਵਿੱਚ ਫਰਕ ਪੈਂਦਾ ਹੈ। ਆਖਿਰ ਨੂੰ ਫੈਸਲਾ ਹੋਇਆ ਕਿ ਜੇ ਤੁਸੀਂ ਨਹੀ ਕਰਨਾ ਤਾਂ ਬੱਚਿਆਂ ਤੋਂ ਕਰਵਾ ਦਿਆ ਕਰੋ ।( ਓਦੋਂ ਅਸੀਂ ਗੁਰਦੁਆਰੇ ਬੱਚਿਆਂ ਦੀਆਂ ਗੁਰਮਤਿ ਦੀਆਂ ਕਲਾਸਾਂ ਲਾਉਂਦੇ ਸਾਂ, ਜੋ ਕੁੱਝ ਕਾਰਣਾ ਕਰਕੇ ਬੰਦ ਹਨ) ਮੈਂ ਕਿਹਾ ਚਲੋ ਠੀਕ ਆ ।( ਕਮੇਟੀ ਵਿੱਚ ਸੁਲਝੇ ਹੋਏ ਗੁਰਮਤਿ ਨੂੰ ਸਮਝਣ ਵਾਲੇ ਕੁੱਝ ਕੁ ਹਨ, ਪਿੰਡ ਦੇ ਵਾਸੀ ਹੋਣ ਕਰਕੇ, ਉਨ੍ਹਾਂ ਨੂੰ ਕਈ ਕੁੱਝ ਸੋਚਣਾ ਪੈਂਦਾ ਹੈ, ਜਿਸ ਕਰਕੇ ਮੈਂ ਉਹਨਾਂ ਨੂੰ ਗਲਤ ਨਹੀ ਕਹਿ ਰਿਹਾ ) ਗਰਮੀ ਖਤਮ ਹੁੰਦਿਆਂ ਹੀ ਮੇਲੇ ਖਤਮ ਹੋ ਗਏ।
ਹੁਣ ਫਿਰ ਮਈ 2016 ਮਹੀਨੇ ਦੇ ਅੱਧ ਵਿੱਚ ਇੱਕ ਬੀਬੀ ਸ਼ਾਮ ਨੂੰ ਹੁਕਮ ਚਾੜ ਕੇ ਤੁਰ ਗਈ , "ਬਾਬਾ ਜੀ ਹੁਣ ਤੇ ਸਵੇਰੇ ਲਾਉਸਮੈਂਟ ਕਰ ਦੇਵੋ , ਵੱਡੇ ਰੋਜੇ ਦੇ ਮੇਲਾ ਏ, ਵੱਧ ਤੋਂ ਵੱਧ ਹਾਜਰੀ ਭਰੋ ।" ਮੈਂ ਸੰਦੀਪ ਕੌਰ (wife) ਨਾਲ ਗੱਲ ਕੀਤੀ , ਉਥੇ ਬੈਠੀ ਇੱਕ ਬੀਬੀ ਨੇ ਆਪਣੀਆਂ ਕੁੱਝ ਦਲੀਲਾਂ ਨਾਲ ਸੰਦੀਪ ਕੌਰ ਨੂੰ ਸਹਿਮਤ ਕਰ ਲਿਆ ਕਿ ਤੂੰ ਬੱਸ ਇੰਨਾ ਕਹਿ ਦੇ ਮੇਲਾ ਹੈ , ਜਾਣ ਬਾਰੇ ਨਾ ਕਹੀ । ਸੰਦੀਪ ਨੇ ਲਾਉਸਮੈਂਟ ਕਰ ਦਿੱਤੀ । ਲਾਉਸਮੈਂਟ ਕਰਵਾਉਣ ਵਾਲੀ ਬੀਬੀ ਨੇ ਸਨੇਹਾ ਭੇਜਿਆ , ਬਾਬਾ ਜੀ ਨੂੰ ਕਹੋ ਲਾਉਸਮੈਂਟ ਚੰਗੀ ਤਰ੍ਹਾਂ ਕਰੇ। ਸਨੇਹਾ ਲੈ ਕੇ ਆਉਣ ਵਾਲੇ ਵੀਰ ਨੂੰ ਮੈਂ ਕਹਿ ਦਿੱਤਾ, ਅਸੀਂ ਇਸਤੋਂ ਵੱਧ ਕੁੱਝ ਨਹੀ ਕਹਿ ਸਕਦੇ। ਰਾਤ 9 ਵਜੇ ਪਰਿਵਾਰ ਵਾਲਿਆਂ ਦਾ ਨੌਜਵਾਨ ਲੜਕਾ ਆ ਗਇਆ। ਵੀਰ ਜੀ ਮੁਆਫ਼ ਕਰਨਾ ,ਮੈਂ ਪੈਗ ਲਾ ਕੇ ਗੁਰਦੁਆਰੇ ਆਇਆ ਹਾਂ , ਸਾਡੀ ਲਾਉਸਮੈਂਟ ਕਰ ਦੇਵੋ। ਮੈਂ ਕਿਹਾ ਵੀਰ ਜੀ ਹੁਣ ਟਾਈਮ ਕਾਫੀ ਹੋ ਗਿਆ ਹੈ , ਸਵੇਰੇ ਕਰ ਦੇਵਾਂਗੇ। ਅਸੀਂ ਸਵੇਰੇ ਵੀ ਲਾਉਸਮੈਂਟ ਨਾ ਕੀਤੀ।
ਕੁੱਝ ਦਿਨਾਂ ਬਾਅਦ ਜੋ ਮਾਤਾ ਗੁਰਦੁਆਰੇ ਸਾਫ ਸਫਾਈ ਦਾ ਕੰਮ ਕਰਦੀ ਹੈ ਆਈ, ਬਾਬਾ ਜੀ ਸਾਡੇ ਮੋਹਕਮ ਸਾਹ ਦੇ ਲੰਗਰ ਆ , ਲਾਉਸਮੈਂਟ ਕਰ ਦੇਵੋ । ਮੈਂ ਕੋਰਾ ਜਵਾਬ ਦੇ ਦਿੱਤਾ ਅਸੀਂ ਨਹੀ ਕਰ ਸਕਦੇ। ਫਿਰ ਕਿਸੇ ਵੀਰ ਨੂੰ ਨਾਲ ਲੈ ਕੇ ਆਈ, ਇਹ ਕਰ ਦੇਂਦਾ। ਮੈਂ ਕਿਹਾ ਪਰਧਾਨ ਨਾਲ ਕਰ ਲਵੋ । ਪਰਧਾਨ ਨੇ ਫੋਨ ਨਾ ਚੁੱਕਿਆ। ਰੌਲਾ ਪਾਉਂਦੀ ਚਲੀ ਗਈ ।
ਸੰਦੀਪ ਕੌਰ ਦਾ ਨਕੋਦਰ ਇਤਿਹਾਸਕ ਸਥਾਨ ਮਾਲੜੀ ਸਾਹਿਬ ਕਵੀਸ਼ਰੀ ਦਾ ਪ੍ਰੋਗਰਾਮ ਸੀ, ਅਸੀਂ ਉਥੇ ਚਲੇ ਗਏ। ਪਿੱਛੋਂ ਵੀਰ ਦਾ ਫੋਨ ਗਿਆ, ਮੇਰੀ ਗੱਲ ਹੋ ਗਈ ਹੈ, ਮੈ ਲਾਉਸਮੈਂਟ ਕਰਨ ਲੱਗਾ ਹਾਂ। ਮੈਂ ਕਿਹਾ ਠੀਕ ਹੈ ।
ਗੁਰਦੁਆਰੇ ਸੇਵਾ ਕਰਨ ਵਾਲੀ ਬੀਬੀ ਨੇ ਲੋਕਾਂ ਕੋਲ ਰੌਲਾ ਤਾਂ ਪਾਇਆ ਹੈ। ਪਰ ਅਜੇ ਕਿਸੇ ਕਮੇਟੀ ਮੈਂਬਰ ਨੇ ਕੋਈ ਗੱਲ ਨਹੀ ਕੀਤੀ। ਦੋ ਚਾਰ ਬੀਬੀਆਂ ਕਹਿੰਦੀਆਂ ਸੀ, ਕਰ ਦਿਆ ਕਰੋ ਕੀ ਜਾਂਦਾ ਹੈ ?
ਮੈਂ ਕਿਹਾ, ਮੈਂ ਗੁਰੂ ਵਲੋਂ ਜਾਂਦਾ ਹਾ ।
ਨੋਟ : ਸਿੱਖ ਧਰਮ ਇੱਕ ਅਕਾਲਪੁਰਖ, ਇੱਕ ਰੱਬ ਦਾ ਪੁਜਾਰੀ ਹੈ। ਗੁਰਦੁਆਰੇ ਸਿੱਖ ਗੁਰੂਆਂ ਵਲੋਂ ਖੋਲ੍ਹੇ ਗਏ , ਸਿੱਖ ਧਰਮ ਦੇ ਪ੍ਰਚਾਰ ਕੇਂਦਰ ਹਨ। ਜਿੱਥੇ ਲੋਕਾਂ ਨੂੰ ਹੋਰ ਸਾਰੇ ਆਸਰੇ ਛੱਡ ਕੇ ਇੱਕ ਰੱਬ ਦੇ ਪੁਜਾਰੀ ਬਨਣ ਦੀ ਸਿੱਖਿਆ ਦਿੱਤੀ ਜਾਂਦੀ ਹੈ। ਕਿਉਂਕਿ ਸਿੱਖ ਧਰਮ ਸਿਰਫ ਇੱਕ ਰੱਬ ਨੂੰ ਹੀ ਸਰਵ ਸ਼ਕਤੀਮਾਨ , ਸਰਵ ਵਿਆਪਕ ਤੇ ਸਾਰੀ ਕਾਇਨਾਤ ਦਾ ਮਾਲਕ ਸਮਝਦਾ ਹੈਂ। ਇਸ ਲਈ ਗੁਰਦੁਆਰੇ ਵਿਚੋਂ ਮੜੀਆਂ, ਪੀਰਾਂ ਦੀਆਂ ਕਬਰਾਂ ਤੇ ਜਠੇਰਿਆਂ ਦੇ ਜਾਣ ਦੀਆਂ ਲਾਉਸਮੈਂਟਾਂ ਕਰਨੀਆਂ ਆਪਣੇ ਗੁਰੂ ਵਲੋ ਮੁੰਹ ਫੇਰਨਾ ਤੇ ਗੁਰੂ ਨਾਲ ਧੋਖਾ ਕਰਨਾ ਹੈ। ਜੇ ਗੁਰਦੁਆਰੇ ਦਾ ਗ੍ਰੰਥੀ ਜੋ ਅਸਲ ਵਿੱਚ ਸਿੱਖ ਧਰਮ ਦਾ ਪ੍ਰਚਾਰਕ ਹੈ , ਆਪ ਹੀ ਗੁਰੂ ਵਲੋਂ ਮੁੰਹ ਫੇਰੇਗਾ , ਗੁਰੂ ਨਾਲ ਧੋਖਾ ਕਰੇਗਾ ਤਾਂ ਉਹ ਦੂਜਿਆਂ ਨੂੰ ਸੱਚੇ ਸਿੱਖ ਬਨਣ ਦੀ ਪਰੇਰਨਾ ਕਿਵੇਂ ਦੇਵੇਗਾ ।ਗ੍ਰੰਥੀ ਸਿੰਘਾਂ ਨੂੰ ਇਹੋ ਜਿਹੀਆਂ ਲਾਉਸਮੈਂਟਾਂ ਕਰਨ ਲਈ ਮਜਬੂਰ ਕਰਕੇ ਗੁਰੂ ਦੇ ਦੋਖੀ ਨਾ ਬਣਾਉ।

ਹਰਪਾਲ ਸਿੰਘ ਫਿਰੋਜ਼ਪੁਰੀਆ

Comments

Popular posts from this blog

ਇਨ ਗਰੀਬ ਸਿੱਖਨ ਕੋ ਦਯੈ ਪਾਤਸ਼ਾਹੀ ।√ ਯੇ ਯਾਦ ਰਖੈ ਹਮਰੀ ਗੁਰਿਆਈ । ?

ਪ੍ਰਭਾਤ ਫੇਰੀਆਂ ਸਬੰਧੀ ਜਰੂਰੀ ਬੇਨਤੀਆਂ

ਗੁਰਮਤਿ-- ਮੱਸਿਆ, ਪੁੰਨਿਆਂ, ਸੰਗਰਾਦਾਂ ਤੇ ਚੌਦੇੰ